ਅੰਦਰ-ਕੇਂਦਰਤ ਬਣਤਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਅੰਦਰ-ਕੇਂਦਰਤ ਬਣਤਰ: ਇਸ ਸੰਕਲਪ ਦੀ ਵਰਤੋਂ ਵਿਆਕਰਨਕ ਵਿਸ਼ਲੇਸ਼ਣ ਲਈ ਕੀਤੀ ਜਾਂਦੀ ਹੈ। ਵਾਕਾਤਮਕ ਬਣਤਰਾਂ ਦੇ ਸਰੂਪ ਅਤੇ ਕਾਰਜ ਨੂੰ ਅਧਾਰ ਬਣਾ ਕੇ ਇਕ ਸੰਗਠਨ ਵਿਚ ਵਿਚਰਨ ਵਾਲੀਆਂ ਇਕਾਈਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ। ਪਹਿਲੀ ਇਕਾਈ ਅਨੁਸਾਰ ਇਕ ਸ਼ਬਦ-ਸਮੂਹ ਜੋ ਵਾਕਾਤਮਕ ਕਾਰਜ ਕਰਦਾ ਹੈ, ਉਹੀ ਕਾਰਜ ਉਸ ਇਕਾਈ ਦੇ ਅੰਦਰ ਵਿਚਰ ਰਹੇ ਕੇਂਦਰੀ ਤੱਤ ਕਰ ਰਹੇ ਹੁੰਦੇ ਹਨ ਜਿਵੇਂ : ‘ਇਕ ਬਹੁਤ ਹੀ ਸੁੰਦਰ ਪਹਾੜ’ ਇਸ ਪਰਕਾਰ ਦੀ ਵਾਕਾਤਮਕ ਬਣਤਰ ਨੂੰ ਅੰਦਰ-ਕੇਂਦਰਤ ਕਿਹਾ ਜਾਂਦਾ ਹੈ। ਦੂਜੀ ਇਕਾਈ ਅਨੁਸਾਰ ਕੋਈ ਵੀ ਇਕ ਸ਼ਬਦ ਸਮੁੱਚੀ ਬਣਤਰ ਦੀ ਥਾਂ ਕਾਰਜ ਨਹੀਂ ਕਰ ਸਕਦਾ। ਇਸ ਭਾਂਤ ਦੀ ਵਾਕਾਤਮਕ ਬਣਤਰ ਨੂੰ ਬਾਹਰ ਕੇਂਦਰਤ ਕਿਹਾ ਜਾਂਦਾ ਹੈ, ਜਿਵੇਂ : ‘ਉਹ ਪਹਾੜ ਸੁੰਦਰ ਹੈ।’ ਇਨ੍ਹਾਂ ਬਣਤਰਾਂ ਦੇ ਸੰਕਲਪ ਦੀ ਵਰਤੋਂ ਸੀ. ਐਫ. ਹਾਕੇਟ ਨੇ ਕੀਤੀ ਹੈ। ਅੰਦਰ-ਕੇਂਦਰਤ ਬਣਤਰਾਂ ਕਾਰਜ ਦੇ ਅਧਾਰ ’ਤੇ ਦੋ ਪਰਕਾਰ ਦੀਆਂ ਹੁੰਦੀਆਂ ਹਨ : (i) ਸਮਾਨ ਬਣਤਰਾਂ ਅਤੇ (ii) ਵਿਸ਼ੇਸ਼ਣੀ ਬਣਤਰਾਂ। ਸਮਾਨ ਬਣਤਰਾਂ ਦਾ ਭਾਸ਼ਾਈ ਕਾਰਜ ਇਕੋ ਜਿਹਾ ਹੁੰਦਾ ਹੈ, ਜਦੋਂ ਕਿ ਵਿਸ਼ੇਸ਼ਣੀ ਬਣਤਰਾਂ ਵਿਚ ਵਿਚਰਨ ਵਾਲਾ ਤੱਤ ਨਾਂਵ ਹੁੰਦਾ ਹੈ ਅਤੇ ਬਾਹਰੀ ਤੱਤ ਵਿਸ਼ੇਸ਼ਕ ਵਜੋਂ ਕਾਰਜ ਕਰਦੇ ਹਨ। ਸਮਾਨ ਬਣਤਰਾਂ ਅੱਗੋਂ ਤਿੰਨ ਪਰਕਾਰ ਦੀਆਂ ਹੁੰਦੀਆਂ ਹਨ, ਜਿਵੇਂ : (i) ਵਧਾਵੀਆਂ (Additive) ਬਣਤਰਾਂ, (ii) ਵਿਕਲਪੀ (Alternative) ਬਣਤਰਾਂ ਅਤੇ (iii) ਸਮਾਨਧਿਕਾਰੀ (Appositive) ਬਣਤਰਾਂ। ਵਧਾਵੀਆਂ ਬਣਤਰਾਂ ਵਿਚ ਦੋ ਜਾਂ ਦੋ ਤੋਂ ਵਧੇਰੇ ਤੱਤ ਵਿਚਰਦੇ ਹਨ ਅਤੇ ਇਹ ਸਾਰੇ ਤੱਤ, ਬਣਤਰ ਦੇ ਕੇਂਦਰੀ ਤੱਤਾਂ ਵਜੋਂ ਵਿਚਰਦੇ ਹਨ ਜਿਵੇਂ : ‘ਮਾਂ ਪਿਉ ਅਤੇ ਬੱਚੇ ਮੈਚ ਵੇਖ ਰਹੇ ਹਨ,’ ‘ਮੁੰਡੇ, ਕੁੜੀਆਂ, ਅਧਿਆਪਕ ਅਤੇ ਮਾਪੇ ਮੀਟਿੰਗ ਕਰ ਰਹੇ ਹਨ।’ ਵਧਾਵੀਆਂ ਬਣਤਰਾਂ ਵਿਚੋਂ ਕਿਸੇ ਵੀ ਤੱਤ ਨੂੰ ਖਾਰਜ ਕੀਤਾ ਜਾ ਸਕਦਾ ਹੈ ਜਾਂ ਉਸ ਦੀ ਥਾਂ ਉਸ ਸ਼ਰੇਣੀ ਦਾ ਹੋਰ ਤੱਤ ਸ਼ਾਮਲ ਕੀਤਾ ਜਾ ਸਕਦਾ ਹੈ। ਵਿਕਲਪੀ ਬਣਤਰਾਂ ਵਿਚ ਵਿਚਰਨ ਵਾਲੇ ਤੱਤ ਕਾਰਜ ਦੇ ਪੱਖ ਤੋਂ ਇਕ ਦੂਜੇ ਦੇ ਵਿਕਲਪ ਵਜੋਂ ਕਾਰਜ ਕਰ ਰਹੇ ਹੁੰਦੇ ਹਨ ਜਿਵੇਂ : ‘ਮੈਨੂੰ ਚਾਹ ਜਾਂ ਕੌਫੀ ਦਿਉ,’ ਮੈਂ ਤਿੰਨ ਜਾਂ ਚਾਰ ਮਹੀਨੇ ਰਹਾਂਗਾ।’ ਸਮਾਨਧਿਕਾਰੀ ਬਣਤਰਾਂ ਵਿਚ ਅਜਿਹੀਆਂ ਬਣਤਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੋ ਦੋ ਜਾਂ ਦੋ ਤੋਂ ਵੱਧ ਰੂਪਾਂ ਰਾਹੀਂ ਹੋਂਦ ਵਿਚ ਆਉਣ ਅਤੇ ਇਕ ਕਾਰਜ ਨੂੰ ਸਾਕਾਰ ਕਰਨ ਜਿਵੇਂ : ‘ਉਹ ਨਰਸ ਹੈ,’ ‘ਉਹ ਡਾਕਟਰ ਮੇਰੇ ਭਰਾ ਦਾ ਦੋਸਤ ਹੈ।’ ਇਨ੍ਹਾਂ ਵਾਕਾਂ ਵਿਚ ‘ਉਹ’ ਅਤੇ ‘ਨਰਸ’, ‘ਉਹ ਡਾਕਟਰ’ ਅਤੇ ‘ਮੇਰੇ ਭਰਾ ਦਾ ਦੋਸਤ’ ਸਮਾਨਧਿਕਾਰੀ ਬਣਤਰਾਂ ਹਨ ਅਤੇ ਇਨ੍ਹਾਂ ਵਿਚ ਵਿਚਰਨ ਵਾਲੇ ਦੋ-ਦੋ ਅੰਗ ਇਕ-ਦੂਜੇ ਅੰਗ ਦੇ ਪੂਰਕ ਹਨ। ਦੂਜੇ ਪਾਸੇ ਵਿਸ਼ੇਸ਼ਣੀ ਜਾਂ ਅਧੀਨ ਬਣਤਰਾਂ ਦਾ ਕਾਰਜ ਸਮਾਨ ਨਹੀਂ ਹੁੰਦਾ ਸਗੋਂ ਇਨ੍ਹਾਂ ਦੀ ਬਣਤਰ ਵਿਚ ਅਧੀਨ ਅਤੇ ਮੁੱਖ ਇਕਾਈਆਂ ਵਿਚਰ ਕੇ ਭਾਸ਼ਾਈ ਕਾਰਜ ਦੀ ਪੂਰਤੀ ਕਰਦੇ ਹਨ। ਬਣਤਰ ਵਿਚ ਕੇਂਦਰੀ ਤੱਤ ਨੂੰ ਛੱਡ ਕੇ ਬਾਕੀ ਸਾਰੇ ਅੰਸ਼ਾਂ ਦਾ ਭਾਸ਼ਾਈ ਕਾਰਜ ਵਿਸ਼ੇਸ਼ਕ ਪੱਧਰ ਦਾ ਹੁੰਦਾ ਹੈ। ਸਾਰੀ ਦੀ ਸਾਰੀ ਬਣਤਰ ਕੇਂਦਰੀ ਤੱਤ ਤੇ ਨਿਰਭਰ ਕਰਦੀ ਹੈ, ਜਿਵੇਂ ਨਾਂਵ ਵਾਕੰਸ਼ ਦੀ ਬਣਤਰ ਵਿਚ ਕੇਂਦਰੀ ਸਥਾਨ ਨਾਂਵ ਦਾ ਹੁੰਦਾ ਹੈ ਅਤੇ ਬਾਕੀ ਸਾਰੇ ਤੱਤ ਵਿਸ਼ੇਸ਼ਕ ਵਜੋਂ ਵਿਚਰਦੇ ਹਨ, ਜਿਵੇਂ : ‘ਕਾਲੀ ਪੱਗ ਵਾਲਾ ਸੋਹਣਾ ਮੁੰਡਾ’ ਵਿਚ ਮੁੰਡਾ ਮੁੱਖ ਤੱਤ ਹੈ ਅਤੇ ਬਾਕੀ ਅਧੀਨ ਜਾਂ ਵਿਸ਼ੇਸ਼ਕ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.